ਸਤਲੁਜ ਬੰਨ ਸਸਰਾਲੀ! ਖਤਰੇ ਵਾਲੀ ਕੋਈ ਗੱਲ ਨਹੀਂ ਪਰ ਲੋਕ ਰਹਿਣ ਸੁਚੇਤ
ਲੁਧਿਆਣਾ, 6 ਸਤੰਬਰ (ਗੁਰਿੰਦਰ ਕੌਰ ਮਹਿਦੂਦਾਂ, ਸੁਰਿੰਦਰ ਸ਼ਿੰਦਾ) ਸਤਲੁਜ ਬੰਨ ਤੋਂ ਅੱਜ ਸਵੇਰ ਦੀ ਚੰਗੀ ਖਬਰ ਏਹ ਹੈ ਕਿ ਭਾਵੇਂ ਪਹਿਲਾਂ ਵਾਲਾ ਅਸਲ ਬੰਨ ਕਈ ਜਗਾਹ ਤੋਂ ਟੁੱਟ ਕੇ ਦਰਿਆ ਦਾ ਪਾਣੀ ਨਵੇਂ ਬਣਾਏ ਆਰਜੀ ਬੰਨ ਨਾਲ ਜਾ ਲੱਗਾ ਹੈ ਪਰ ਇਸਦੇ ਬਾਵਯੂਦ ਕੋਈ ਵੀ ਖਤਰੇ ਵਾਲੀ ਗੱਲ ਨਹੀਂ ਹੈ। ਲੋਕਾਂ ਨੂੰ ਬਹੁਤ ਸਾਰੇ ਸ਼ੋਸ਼ਲ ਨੈਟਵਰਕਾਂ ਤੋਂ ਪ੍ਰਾਪਤ ਹੋ ਰਹੀਆਂ ਅਫਵਾਹਾਂ 'ਤੇ ਯਕੀਨ ਕਰਨ ਦੀ ਬਜਾਏ ਵਿਸ਼ਵਾਸ਼ ਵਾਲੇ ਮੀਡੀਆ ਨੈਟਵਰਕਾਂ ਤੋਂ ਪ੍ਰਾਪਤ ਜਾਣਕਾਰੀ ਨੂੰ ਸਹੀ ਮੰਨ ਕੇ ਉਸਨੂੰ ਅੱਗੇ ਸਾਂਝਾ ਕਰਨਾ ਚਾਹੀਦਾ ਹੈ। ਅਦਾਰਾ ਦੇਸ਼ ਦੁਨੀਆਂ ਦੀ ਹਰ ਖਬਰ ਵੀ ਪੁਖਤਾ ਸਬੂਤਾਂ ਦੇ ਅਧਾਰਿਤ ਹੁੰਦੀ ਹੈ ਕਿਉਂਕਿ ਅਦਾਰਾ ਦੇਸ਼ ਦੁਨੀਆਂ ਕਦੇ ਵੀ ਟੀਆਰਪੀ ਦੀ ਦੌੜ 'ਚ ਸ਼ਾਮਿਲ ਨਹੀਂ ਹੋਇਆ। ਪੱਤਰਕਾਰਤਾ ਪ੍ਰਤੀ ਅਪਣੇ ਫਰਜਾਂ ਨੂੰ ਸਮਝਦੇ ਹੋਏ ਅਦਾਰੇ ਵਲੋਂ ਦੇਰ ਰਾਤ ਜਿਥੇ ਚੇਅਰਮੈਨ ਪ੍ਰਦੀਪ ਸਿੰਘ ਖਾਲਸਾ ਦੀ ਵੀਡੀਓ ਨੂੰ ਲੋਕਾਂ ਦਰਮਿਆਨ ਸਾਂਝਾ ਕੀਤਾ ਉੱਥੇ ਹੀ ਸਵੇਰ ਦੇ ਹਾਲਾਤਾਂ ਦੀ ਜਾਣਕਾਰੀ ਸਾਂਝੀ ਕਰਦੇ ਹੋਏ ਦੱਸ ਰਹੇ ਹਾਂ ਕਿ ਪਿੰਡ ਸਸਰਾਲੀ ਕਲੋਨੀ ਦੇ ਸਰਪੰਚ ਸੁਰਿੰਦਰ ਸਿੰਘ ਦੇ ਦੱਸਣ ਮੁਤਾਬਿਕ ਭਾਵੇਂ ਕਿ ਮੀਂਹ ਪੈ ਰਿਹਾ ਹੈ ਜਿਸ ਕਾਰਨ ਕੰਮ ਭਾਵੇਂ ਬੰਦ ਸੀ ਪਰ ਹਾਲਾਤ ਬਿੱਲਕੁੱਲ ਠੀਕ ਹਨ ਕਿਸੇ ਨੂੰ ਵੀ ਘਬਰਾਉਣ ਦੀ ਜਰੂਰਤ ਨਹੀਂ। ਉਨ੍ਹਾਂ ਦੱਸਿਆ ਕਿ ਰਿੰਗ ਬੰਨ ਨੂੰ ਹੋਰ ਮਜਬੂਤ ਕਰਨ ਲਈ ਜੰਗੀ ਪੱਧਰ 'ਤੇ ਤਿਆਰੀਆਂ ਮੁਕੰਮਲ ਹਨ।
ਪਿਛਲੇ ਕਈ ਦਿਨਾਂ ਤੋਂ ਦਿਨ ਰਾਤ ਬੰਨ ਉੱਤੇ ਡੱਟ ਕੇ ਸੇਵਾਵਾਂ ਦੇ ਰਹੇ ਚੇਅਰਮੈਨ ਪ੍ਰਦੀਪ ਸਿੰਘ ਖਾਲਸਾ ਜਿਵੇਂ ਕਿ ਪਹਿਲਾਂ ਦੱਸ ਚੁੱਕੇ ਹਨ ਕਿ ਬੰਨ 'ਤੇ ਆਉਣ ਵਾਲੇ ਲੋਕ ਰਿੰਗ ਬੰਨ ਨੂੰ ਮਜਬੂਤ ਕਰਨ ਦੀ ਸੇਵਾ 'ਚ ਲੱਗੇ ਟਿੱਪਰਾਂ ਤੇ ਟ੍ਰੈਕਟਰ ਟਰਾਲੀਆਂ ਦੇ ਲਾਂਘੇ 'ਚ ਅੜਚਣ ਨਾ ਬਣਨ ਸਗੋਂ ਉਨ੍ਹਾਂ ਨੂੰ ਸਹਿਯੋਗ ਕਰਦੇ ਹੋਏ ਉਨ੍ਹਾਂ ਦੇ ਲਾਂਘੇ ਤੋਂ ਅਪਣੇ ਵਾਹਨ ਦੂਰ ਹੀ ਰੱਖਣ। ਉਨ੍ਹਾਂ ਇਸ ਅਪੀਲ ਦੇ ਨਾਲ ਹੀ ਬੰਨ 'ਤੇ ਆਉਣ ਵਾਲੇ ਹਰ ਵਿਆਕਤੀ ਕਈ ਦੂਜੀ ਬੇਨਤੀ ਕੀਤੀ ਕਿ ਜਿਹੜਾ ਵੀ ਵਿਆਕਤੀ ਬੰਨ 'ਤੇ ਆਉਂਦਾ ਹੈ ਉਹ ਅਪਣੇ ਨਾਲ ਮਿੱਟੀ, ਰੇਤ ਅਤੇ ਖਾਲੀ ਥੈਲੇ ਤੇ ਬੋਰੀਆਂ ਜਰੂਰ ਲਿਆਵੇ। ਉਨ੍ਹਾਂ ਕਿਹਾ ਕਿ ਅੱਜ ਖਾਣ-ਪੀਣ ਦੀਆਂ ਚੀਜਾਂ ਨਾਲੋਂ ਏਨ੍ਹਾਂ ਵਸਤਾਂ ਦੀ ਜਿਆਦਾ ਜਰੂਰਤ ਹੈ ਤਾਂ ਕਿ ਲੋਕਾਂ ਦੇ ਸਿਰ ਉੱਤੇ ਸਤਲੁਜ ਦਰਿਆ ਦੇ ਪਾਣੀ ਦਾ ਮੰਡਰਾ ਰਿਹਾ ਖਤਰਾ ਟਲ ਸਕੇ।
ਮੌਕੇ 'ਤੇ ਮੌਜੂਦ ਸੋਨੀ ਸਿੰਘ ਨੇ ਸਵੇਰੇ 10 ਵਜੇ ਦੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਦੱਸਿਆ ਕਿ ਰਿੰਗ ਬੰਨ ਨੂੰ ਹੋਰ ਮਜਬੂਤ ਕਰਨ ਦਾ ਕੰਮ ਸ਼ੁਰੁ ਹੋ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਭਾਵੇਂ ਦਰਿਆ ਦਾ ਪਾਣੀ ਰਿੰਗ ਬੰਨ ਨਾਲ ਜਾ ਲੱਗਾ ਹੈ ਅਤੇ ਉਹ ਨੀਵੀ ਜਗਾਹ ਉੱਤੇ 3 ਫੁੱਟ ਤੱਕ ਹੈ ਪਰ ਇਸ ਦੇ ਬਾਵਯੂਦ ਖਤਰੇ ਵਾਲੇ ਕੋਈ ਗੱਲ ਨਹੀਂ। ਕੁਝ ਹੋਰ ਲੋਕਾਂ ਨੇ ਕਿਹਾ ਕਿ ਫਿਲਹਾਲ ਦਰਿਆ ਦੇ ਪਾਣੀ ਦਾ ਪੱਧਰ ਜਮੀਨ ਤੋਂ ਥੱਲੇ ਹੈ ਜਿਸ ਕਾਰਨ ਖਤਰਾ ਨਹੀਂ ਹੈ ਪਰ ਜੇਕਰ ਪਿੱਛੇ ਤੋਂ ਪਾਣੀ ਆਉਂਦਾ ਹੈ ਤਾਂ ਉਹ ਨੁਕਸਾਨ ਕਰ ਸਕਦਾ ਹੈ ਇਸ ਲਈ ਸ਼ਾਸ਼ਨ ਪ੍ਰਸ਼ਾਸ਼ਨ ਮੁਸਤੈਦੀ ਦਿਖਾ ਕੇ ਅਪਣੇ ਪ੍ਰਬੰਧਾਂ ਦੀ ਗਤੀ 'ਚ ਕਈ ਗੁਣਾ ਵਾਧਾ ਕਰੇ। ਲੋਕ ਕੁਦਰਤੀ ਆਫਤ 'ਚ ਹੋਏ ਵਾਧੇ ਲਈ ਗੈਰ ਕਾਨੂੰਨੀ ਮਾਈਨਿੰਗ ਨੂੰ ਮੁੱਖ ਕਾਰਨ ਆਖ ਰਹੇ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਸਮਾਂ ਰਹਿੰਦਿਆਂ ਲੋਕਾਂ ਦੇ ਦੁਹਾਈ ਪਾਉਣ 'ਤੇ ਵੀ ਪ੍ਰਸ਼ਾਸ਼ਨ ਨੇ ਗੈਰ ਕਾਨੰੰੁਨੀ ਮਾਈਨਿੰਗ ਨਹੀਂ ਰੋਕੀ ਜਿਸਦਾ ਖਮਿਆਜਾ ਸਾਰੇ ਭੁਗਤ ਰਹੇ ਹਨ। ਲੋਕਾਂ ਨੇ ਕਿਹਾ ਕਿ ਪ੍ਰਸ਼ਾਸ਼ਨ ਨੇ ਅਜਿਹੇ ਹਾਲਾਤਾਂ 'ਚ ਇਸ ਬੰਨ ਦੀ ਮਜਬੂਤੀ ਲਈ ਕੋਈ ਕਦਮ ਨਹੀਂ ਚੁੱਕਿਆ ਅਤੇ ਖੁਦ ਪੈਦਾ ਕੀਤੇ ਹਾਲਾਤ ਰੇਤ ਮਾਫੀਆ ਦੇ ਨਾਲ ਨਾਲ ਸਰਕਾਰ ਅਤੇ ਪ੍ਰਸ਼ਾਸ਼ਨ ਦੇ ਮੱਥੇ ਉੱਤੇ ਕਦੇ ਵੀ ਨਾ ਮਿਟਣ ਵਾਲੇ ਕਲੰਕ ਵਾਂਗ ਹਨ।
ਡਵੀਜਨ ਕਮਿਸ਼ਨਰ ਵਿਨੈ ਬੁਬਲਾਨੀ ਵੱਲੋਂ ਕੀਤਾ ਗਿਆ ਸਤਲੁਜ ਬੰਨ ਦਾ ਦੌਰਾ
ਡਵੀਜ਼ਨਲ ਕਮਿਸ਼ਨਰ ਸ਼੍ਰੀ ਵਿਨੈ ਬੁਬਲਾਨੀ ਨੇ ਅੱਜ ਸਵੇਰੇ ਪਿੰਡ ਸਸਰਾਲੀ ਕਲੋਨੀ ਨੇੜੇ ਧੁੱਸੀ ਬੰਨ੍ਹ ਦਾ ਦੌਰਾ ਕੀਤਾ ਅਤੇ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਮਾਲ, ਜੰਗਲਾਤ ਅਤੇ ਡਰੇਨੇਜ ਵਿਭਾਗਾਂ ਦੇ ਅਧਿਕਾਰੀਆਂ ਤੋਂ ਨੁਕਸਾਨ ਦੇ ਮੁਲਾਂਕਣ ਦੀ ਰਿਪੋਰਟ ਵੀ ਲਈ। ਐਸਡੀਐਮ ਲੁਧਿਆਣਾ ਪੂਰਬੀ ਜਸਲੀਨ ਕੌਰ ਭੁੱਲਰ ਦੇ ਨਾਲ ਸਬੰਧਤ ਵਿਭਾਗਾਂ ਦੇ ਸਾਰੇ ਅਧਿਕਾਰੀ ਵੀ ਮੌਜੂਦ ਸਨ। ਮੀਡੀਆ ਅਤੇ ਆਮ ਲੋਕਾਂ ਨੂੰ ਨੂੰ ਜਾਣਕਾਰੀ ਸਾਂਝੀ ਕਰਦਿਆਂ ਹਦਾਇਤ ਕੀਤੀ ਗਈ ਕਿ ਕਿਰਪਾ ਕਰਕੇ ਧਿਆਨ ਦਿਓ ਕਿ ਪਾਣੀ ਦਾ ਪੱਧਰ ਘੱਟ ਰਿਹਾ ਹੈ ਅਤੇ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ। ਕੋਈ ਵੀ ਗਲਤ ਖ਼ਬਰ ਨਾ ਫੈਲਾਓ ਅਤੇ ਸਿਰਫ਼ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ (ਡੀਪੀਆਰਓ) ਲੁਧਿਆਣਾ ਦੇ ਅਧਿਕਾਰਤ ਹੈਂਡਲ 'ਤੇ ਦਿੱਤੀ ਗਈ ਜਾਣਕਾਰੀ 'ਤੇ ਵਿਸ਼ਵਾਸ ਕਰੋ


No comments
Post a Comment